ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ
Star News 09 Web Channel
Bhupinder kapoor
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ
-ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ-ਭਾਰਤ ਭੂਸ਼ਨ ਆਸ਼ੂ
-ਕੋਵਿਡ ਦੇ ਬਾਵਜੂਦ ਝੋਨੇ ਦੀ ਫ਼ਸਲ ਦੀ ਖਰੀਦ ਨਿਰਵਿਘਨ ਕਰਵਾਈ ਜਾਵੇਗੀ-ਆਸ਼ੂ
-ਪੰਜਾਬ ਦੇ 4035 ਖਰੀਦ ਕੇਂਦਰਾਂ 'ਚ 170 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਲਈ ਤਿਆਰੀ
-ਇਸ ਮਹੀਨੇ 30 ਲੱਖ ਮੀਟ੍ਰਿਕ ਟਨ ਅਨਾਜ ਬਾਹਰਲੇ ਸੂਬਿਆਂ ਨੂੰ 1000 ਸਪੈਸ਼ਲਾਂ ਰਾਹੀਂ ਭੇਜਿਆ
ਰਾਜਪੁਰਾ, 27 ਸਤੰਬਰ:
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਆਨਾਜ਼ ਮੰਡੀ ਤੋਂ ਕਰਵਾਈ। ਇਸ ਮੌਕੇ ਸ੍ਰੀ ਆਸ਼ੂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲ ਵਾਪਸ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ 'ਚੋਂ 170 ਲੱਖ ਟਨ ਮੀਟਰਿਕ ਟਨ ਝੋਨੇ ਦੀ ਖਰੀਦ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਮੰਡੀਆਂ 'ਚ ਕੋਵਿਡ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫਸਲ ਦੀ ਸੁਚੱਜੀ ਅਤੇ ਨਿਰਵਿਘਨ ਖ਼ਰੀਦ ਦੇ ਪੁੱਖ਼ਤਾ ਇੰਤਜਾਮ ਕੀਤੇ ਹਨ।
ਖੁਰਾਕ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਅਗੇਤੀ ਆਉਣ ਕਰਕੇ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਵੀ ਅਗੇਤੀ ਹੀ ਕਰਵਾਉਣ ਲਈ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਰਕੇ ਇਸ ਵਾਰ ਰਾਜ ਅੰਦਰ ਮੰਡੀ ਬੋਰਡ ਵੱਲੋਂ 4035 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ 30-30 ਫੁਟ ਦੇ ਖਾਨੇ ਬਣਾਏ ਗਏ ਹਨ ਤੇ ਮਾਸਕਾਂ ਅਤੇ ਹੱਥ ਧੋਣ ਲਈ ਸਾਬਣ ਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਹ ਕੋਵਿਡ ਦੀ ਬਿਮਾਰੀ ਤੋਂ ਵੀ ਬਚ ਸਕਣ। ਇਸ ਤੋਂ ਇਲਾਵਾ ਫਸਲ ਦੀ ਚੁਕਾਈ ਲਈ ਮਜ਼ਦੂਰਾਂ, ਬਾਰਦਾਨੇ ਤੇ ਟਰਾਂਸਪੋਰਟ ਦੇ ਵੀ ਪ੍ਰਬੰਧ ਮੁਕੰਮਲ ਹਨ।
ਸ੍ਰੀ ਆਸ਼ੂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਕਰਕੇ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ। ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।
ਸ੍ਰੀ ਆਸ਼ੂ ਨੇ ਦੱਸਿਆ ਕਿ ਕਣਕ ਦੇ ਸੀਜਨ ਦੀ ਤਰ੍ਹਾਂ ਹੀ ਪਾਸ ਪ੍ਰਣਾਲੀ ਰਾਹੀਂ ਕਿਸਾਨ ਆਪਣੀ ਫ਼ਸਲ ਮੰਡੀਆਂ 'ਚ ਲਿਆ ਸਕੇਗਾ ਅਤੇ ਇਹ ਵੱਖ-ਵੱਖ ਦਿਨਾਂ ਲਈ ਵੱਖ-ਵੱਖ ਰੰਗਾਂ ਦੇ ਪਾਸ ਆੜਤੀਆਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਆੜਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ਰੀਦੀ ਫ਼ਸਲ ਦੀ ਅਦਾਇਗੀ ਐਮ.ਐਸ.ਪੀ. (1888 ਰੁਪਏ ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਨਾਲੋ-ਨਾਲ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕਰਦੇ ਰਹਿਣ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਜ ਵਿੱਚ ਝੋਨੇ ਦੀ ਖ਼ਰੀਦ ਲਈ ਨਗ਼ਦ-ਕ੍ਰੈਡਿਟ ਸੀਮਾ (ਸੀ.ਸੀ.ਐਲ) ਵੀ ਇੱਕ ਦੋ ਦਿਨਾਂ 'ਚ ਜਾਰੀ ਹੋ ਜਾਵੇਗੀ। ਜਦੋਂ ਕਿ ਝੋਨੇ ਦੀ ਖ਼ਰੀਦੀ ਫ਼ਸਲ ਦੇ ਭੰਡਾਰਨ ਲਈ ਜਗ੍ਹਾ ਵੀ ਖਾਲੀ ਕਰਵਾਈ ਜਾ ਰਹੀ ਹੈ ਅਤੇ ਇਹ ਵੀ ਇੱਕ ਰਿਕਾਰਡ ਹੈ ਕਿ ਇਕ ਮਹੀਨੇ 'ਚ 1000 ਸਪੈਸ਼ਲ ਗੱਡੀਆਂ ਰਾਹੀਂ 30 ਲੱਖ ਮੀਟਰਿਕ ਟਨ ਅਨਾਜ਼ (ਕਣਕ ਤੇ ਚੌਲ) ਦੀ ਚੁਕਾਈ ਕੀਤੀ ਗਈ ਹੋਵੇ। ਉਨ੍ਹਾਂ ਹੋਰ ਕਿਹਾ ਕਿ ਜੂਟ ਮਿਲਾਂ ਵੱਲੋਂ 66 ਫੀਸਦੀ ਨਵੀਆਂ ਗੱਠਾਂ ਸਪਲਾਈ ਕਰਨ ਕਰਕੇ ਸਰਕਾਰ ਨੇ ਮਿਲਰਜ ਨੂੰ 70 ਫੀਸਦੀ ਬੈਗ ਲਗਾਉਣ ਲਈ ਕਿਹਾ ਹੈ ਜਿਸ ਨਾਲ ਝੋਨੇ ਦੀ ਭਰਾਈ ਤੇ ਚੁਕਾਈ 'ਚ ਕੋਈ ਮੁਸ਼ਕਿਲ ਨਾ ਆਵੇ।
ਇੱਕ ਸਵਾਲ ਦੇ ਜਵਾਬ 'ਚ ਸ੍ਰੀ ਆਸ਼ੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲਾਂ ਬਾਰੇ ਰਾਜ ਸਰਕਾਰਾਂ, ਕਿਸਾਨਾਂ ਅਤੇ ਆੜਤੀਆਂ ਸਮੇਤ ਸਬੰਧਤ ਧਿਰਾਂ ਦੇ ਬਹੁਤ ਸਾਰੇ ਸ਼ੰਕੇ ਤੇ ਖ਼ਦਸ਼ੇ ਹਨ ਪਰੰਤੂ ਕੇਂਦਰ ਸਰਕਾਰ ਇਹ ਸ਼ੰਕੇ ਨਵਿਰਤ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਬਿਲ ਵਾਪਸ ਕਰਵਾਉਣ ਲਈ ਪਹਿਲਕਦਮੀ ਕੀਤੀ ਹੈ ਅਤੇ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਫਸਲਾਂ ਦਾ ਦਾ ਘੱਟੋ-ਘੱਟ ਸਮਰਥਨ ਮੁੱਲ ਬੰਦ ਨਹੀਂ ਹੋਣਾ ਚਾਹੀਦਾ ਅਤੇ ਮੰਡੀਕਰਨ ਢਾਂਚੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਇੱਕ ਹੋਰ ਸਵਾਲ ਦੇ ਜਵਾਬ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ 'ਚ ਭਾਈਵਾਲ ਹੁੰਦਿਆਂ ਪਹਿਲਾਂ ਇਨ੍ਹਾਂ ਬਿਲਾਂ ਨੂੰ ਸਹਿਮਤੀ ਦੇ ਕੇ ਯੂ ਟਰਨ ਲਿਆ ਹੈ। ਪਰੰਤੂ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਪਿੱਠ ਵਿਖਾਈ ਸੀ ਅਤੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਆਪਣਾ ਫੈਸਲਾ ਬਦਲਿਆ ਹੈ ਪਰੰਤੂ ਪੰਜਾਬ ਦਾ ਕਿਸਾਨ ਸਮਝਦਾਰ ਹੈ ਅਤੇ ਸਭ ਜਾਣਦਾ ਹੈ ਕਿ ਕੌਣ ਕੀ ਕਰ ਰਿਹਾ ਹੈ? ਉਨ੍ਹਾਂ ਅਕਾਲੀ ਦਲ-ਭਾਜਪਾ ਗਠਬੰਧਨ ਤੋੜੇ ਜਾਣ 'ਤੇ ਕਿਹਾ ਕਿ ਅਕਾਲੀ ਦਲ ਨੇ ਇਹ ਫੈਸਲਾ ਉਸ ਵੇਲੇ ਲਿਆ ਹੈ ਜਦੋਂ ਇਸ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।
ਇਸ ਤੋਂ ਪਹਿਲਾਂ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਆੜਤੀਆ ਐਸੋਸੀਏਸ਼ਨ ਅਤੇ ਸੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਵਿਜੇ ਕਾਲੜਾ, ਖੁਰਾਕ ਅਤੇ ਸਿਵਲ ਸਪਲਾਈਜ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਸ੍ਰੀ ਬਲਦੇਵ ਸਿੰਘ ਗੱਦੋਮਾਜਰਾ, ਸ੍ਰੀ ਨਿਰਭੈ ਸਿੰਘ ਮਿਲਟੀ, ਸੈਲਰ ਐਸ਼ੋਸੀਏਸ਼ਨ ਦੇ ਪ੍ਰਧਾਨ ਗਿਆਨ ਭਾਰਦਵਾਜ, ਸੰਯੁਕਤ ਡਾਇਰੈਕਟਰ ਅੰਜੂਮਨ ਭਾਸਕਰ, ਐਸ.ਡੀ.ਐਮ. ਖ਼ਸ਼ਦਿਲ ਸਿੰਘ, ਡਿਪਟੀ ਡਾਇਰੈਕਟਰ ਮੁਨੀਸ਼ ਨਰੂਲਾ, ਡੀ.ਐਫ.ਐਸ.ਸੀ. ਹਰਸ਼ਰਨਜੀਤ ਸਿੰਘ ਬਰਾੜ, ਡੀਐਮਓ ਅਜੈਪਾਲ ਸਿੰਘ ਬਰਾੜ, ਡੀ.ਐਫ.ਓ. ਰੂਪਪ੍ਰੀਤ ਕੌਰ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਮੇਜਰ ਸਿੰਘ ਲਹਿਲ, ਖ਼ਜ਼ਾਨ ਸਿੰਘ ਲਾਲੀ, ਵਪਾਰ ਮੰਡਲ ਪ੍ਰਧਾਨ ਨਰਿੰਦਰ ਸੋਨੀ, ਮਾਰਕੀਟ ਕਮੇਟੀ ਸਕੱਤਰ ਜੈ ਵਿਜੈ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਆੜਤੀਏ ਮੌਜੂਦ ਸਨ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਰਾਜਪੁਰਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਰਾਜਪੁਰਾ ਦੀ ਆਨਾਜ਼ ਮੰਡੀ ਤੋਂ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ।
Comments
Post a Comment